Domestic violence with elderly women
Hindi
-->
chandigarh 1

ਚੰਡੀਗੜ੍ਹ ਚ ਬੁਜ਼ਰਗ ਮਹਿਲਾ ਨਾਲ ਘਰੇਲੂ ਹਿੰਸਾ, ਮਹਿਲਾ ਸੰਗਠਨਾਂ ਨੇ ਚੁੱਕਿਆ ਮਸਲਾ

ਚਂਡੀਗੜ: 23 ਦਸੰਬਰ, 2022: (ਕਾਰਤਿਕਾ ਸਿੰਘ):: Domestic Voilance with Elderly Women in Chandigarh

ਪੰਜਾਬ ਇਸਤਰੀ ਸਭਾ, ਏਡਵਾ, ਅਤੇ ਆਲ ਇਂਡੀਆ ਪਰੋਗਰੈਸਿਵ ਵਿਮੈਨ ਐਸੋਸੀਏਸ਼ਨ (ਏਪਵਾ)  ਨੇ ਅੱਜ ਇਕ ਸਾਂਝੀ ਪ੍ਰੈੱਸ ਕਾਨਫਰੰਸ ਰਾਹੀਂ ਚੰਡੀਗੜ੍ਹ ਵਿੱਚ ਰਹਿੰਦੀ ਬਜ਼ੁਰਗ ਔਰਤ ਨੂੰ ਪਤੀ ਵੱਲੋਂ ਘਰੇਲੂ ਹਿਂਸਾ ਦਾ ਸ਼ਿਕਾਰ ਬਣਾਏ ਜਾਣ ਦਾ ਮਾਮਲਾ ਉਠਾਇਆ ਹੈ।  ਵੀਨਾ ਜੰਮੂ, ਅਮਰਜੀਤ ਕੌਰ,  ਡਾ ਆਮੀਰ ਸੁਲਤਾਨਾਂ, ਐਡਵੋਕੇਟ ਸੌਮਿਆ ਠਾਕੁਰ, ਡਾ ਮਨਜੀਤ ਇੰਦਰਾ, ਸੁਰਜੀਤ ਬੈਂਸ , ਸੁਮਿਤਰਾ ਗੁਪਤਾ ਵਲੋਂ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਚਂਡੀਗੜ ਦੀ ਰਹਿਣ ਵਾਲੀ ਬਜ਼ੁਰਗ ਔਰਤ ਹਰਭਜਨ ਕੌਰ ਨੇ ਜਥੇਬੰਦੀ ਕੋਲ ਪਹੁੰਚ ਕਰਕੇ ਹੈਰਾਨੀ ਜਨਕ ਤੱਥ ਸਾਹਮਣੇ ਲਿਆਂਦੇ ਹਨ, ਜਿੰਨਾ ਵਿਖਾ ਦਿੱਤਾ ਹੈ ਕਿ ਸਾਡੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਢਾਂਚੇ ਔਰਤਾਂ ਨੂੰ ਨਿਆਂ, ਸੁਰੱਖਿਆ ਦਵਾਉਣ ਵਿੱਚ ਕਿੰਨੇ ਕਮਜ਼ੋਰ ਸਾਬਤ ਹੋ ਰਹੇ ਹਨ। ਦੂਜੇ ਪਾਸੇ ਇਸ ਔਰਤ ਦੀ ਕਹਾਣੀ ਨੇ ਸਾਡੇ ਉੱਚ ਮਧਵਰਗ ਦੇ ਪੜ੍ਹੇ ਲਿਖੇ ਮਰਦਾਂ ਅੰਦਰ ਵੀ ਬੇਹਦ ਪਿਛੜੀ ਸਮਾਜਿਕ ਸੋਚ ਅਤੇ ਵਿਹਾਰ ਹੋਣ ਬਾਰੇ ਖੁਲਾਸਾ ਕਰ ਦਿੱਤਾ ਹੈ। ਜਥੇਬੰਦੀ ਨੇ ਚੰਡੀਗੜ੍ਹ ਦੇ ਪੁਲਿਸ ਅਤੇ ਪਰਸ਼ਾਸਨਿਕ ਢਾਂਚੇ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਦਿਆਂ ਇਸ ਬਜ਼ੁਰਗ ਔਰਤ ਦੀ ਸੁਰੱਖਿਆ ਅਤੇ ਨਿਆਂ ਯਕੀਨੀ ਬਣਾਇਆ ਜਾਵੇ। ਇਸ ਮਾਮਲੇ ਵਿੱਚ ਇਸਤਰੀ ਜਾਗਰਤੀ ਮੰਚ, ਦਿਸ਼ਾ ਫਾਊਂਡੇਸ਼ਨ ਮੋਹਾਲੀ, ਨਾਰੀ ਮੁਕਤੀ ਮੋਰਚਾ, ਪੰਜਾਬ ਅਤੇ ਸ਼ਮਸ਼ੀਰ ਆਦਿ ਸੰਗਠਨਾਂ ਨੇ ਵੀ ਪੀੜਤ ਦਾ ਸਮਰਥਨ ਕੀਤਾ ਹੈ।
ਮਾਮਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ ਉਹ ਇਕ ਪੜੀ ਲਿਖੀ ਔਰਤ ਹੈ, ਜਿਸ ਦਾ ਵਿਆਹ ਕਰੀਬ 45 ਸਾਲ ਪਹਿਲਾਂ ਇਕਬਾਲ ਸਿੰਘ ਢਿਲੋਂ ਨਾਲ ਹੋਇਆ ਸੀ। ਸ਼ੁਰੂ ਤੋਂ ਹੀ ਉਸਦਾ ਸੁਭਾਅ ਅੱਖੜ, ਲੜਾਕਾ ਅਤੇ ਮੁਜਰਮਾਨਾ ਸੀ। ਪੰਜਾਬ  ਯੁਨੀਵਰਸਿਟੀ ਅੰਦਰ ਉੱਚ ਅਹੁਦੇ ਤੇ ਨੌਕਰੀ ਕਰਨ ਦੇ ਬਾਵਜੂਦ ਉਹ ਘਰ ਵਿੱਚ ਬੇਹਦ ਪਿਛੜੀ ਸੋਚ ਅਤੇ ਵਿਹਾਰ ਦਾ ਪਰਦਰਸ਼ਨ ਕਰਦਾ ਸੀ। ਪਹਿਲੀ ਉਮਰੇ ਉਹ ਸਮਾਜਿਕ ਦਬਾਅ ਦੇ ਤਹਿਤ ਆਪਣੇ ਘਰ ਵਾਲੇ ਦੀ ਮਾਰ ਕੁੱਟ ਨੂੰ ਦਬ ਘੁਟ ਕੇ ਬਰਦਾਸ਼ਤ ਕਰਦੀ ਰਹੀ। ਲੇਕਿਨ ਜਿਵੇਂ ਜਿਵੇਂ ਉਮਰ ਬੀਤਦੀ ਗਈ ਅਤੇ ਬੱਚੇ ਆਪਣੇ ਆਪਣੇ ਜੀਵਨ ਵਿੱਚ ਸੈਟਲ ਹੁੰਦੇ ਗਏ, ਤਿਵੇਂ ਤਿਵੇਂ ਉੱਨਾਂ ਦੇ ਪਤੀ ਨੇ ਉਨ੍ਹਾਂ ਤੇ ਵਧ ਤੋਂ ਵਧ ਮਾਨਸਿਕ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ। ਬੇਟੀ ਨੇ ਇਂਟਰਕਾਸਟ ਵਿਆਹ ਕਰਨਾ ਸੀ ਤਾਂ ਵੀ ਉਨ੍ਹਾਂ ਦੇ ਪਤੀ ਨੇ ਵਿਰੋਧ ਕੀਤਾ ਅਤੇ ਇੱਥੋਂ ਤਕ ਕਿ ਬੇਟੀ ਦਾ ਸਾਥ ਦੇਣ ਬਦਲੇ ਇੰਨਾਂ ਨੂੰ ਹੋਰ ਵੀ ਜਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉੱਨਾਂ ਦੱਸਿਆ ਕਿ ਬਾਪ ਦੀ ਰੋਜ-ਰੋਜ ਦੇ ਝਗੜੇ ਅਤੇ ਕੁੱਟ ਮਾਰ ਤੋਂ ਤੰਗ ਆ ਕੇ ਉਨ੍ਹਾਂ ਦਾ ਬੇਟਾ ਵੀ  ਗਿਆਰਵੀਂ ਦੀ ਪੜ੍ਹਾਈ ਵਿੱਚ ਹੀ ਛੱਡ ਕੇ ਮੈਕਸੀਕੋ ਰਾਹੀਂ ਅਮਰੀਕਾ ਚਲਾ ਗਿਆ। ਬੱਚੇ ਵਿਦੇਸ਼ ਵਿੱਚ ਗਏ ਤਾਂ ਉੱਨਾਂ ਨੇ ਹਰਭਜਨ ਕੌਰ ਨੂੰ ਵੀ ਆਪਣੇ ਕੋਲ ਬੁਲਾ ਲਿਆ। ਲੇਕਿਨ 2010 ਵਿੱਚ, ਜਦੋਂ ਦੋ ਸਾਲ ਵਿਦੇਸ਼ ਵਿੱਚ ਰਹਿਣ ਤੋਂ ਬਾਅਦ ਵਾਪਸ ਆਈ ਤਾਂ ਪਤੀ ਨੇ ਘਰ ਤੇ ਕਬਜ਼ਾ ਕਰ ਲਿਆ ਅਤੇ ਅੰਦਰ ਨਹੀਂ ਵੜਨ ਦਿੱਤਾ। ਉਦੋਂ ਵੀ ਪੁਲਿਸ ਅਤੇ ਅਦਾਲਤ ਦੀ ਮਦਦ ਨਾਲ ਆਪਣੇ ਘਰ ਵਿੱਚ ਦਾਖਲ ਹੋ ਸਕੀ। ਇਸਤੋਂ ਕੁਝ ਹੀ ਦਿਨ ਬਾਅਦ ਇਕਬਾਲ ਢਿਲ਼ੋਂ ਨੇ ਉਸ ਨਾਲ ਕੁੱਟ ਮਾਰ ਕੀਤੀ ਤਾਂ ਹਸਪਤਾਲ ਵਿੱਚ ਇਲਾਜ ਕਰਵਾਉਣਾ ਪਿਆ। ਫਿਰ ਸਤ ਸਾਲ ਅਦਾਲਤ ਵਿੱਚ ਘਰੇਲੂ ਹਿਂਸਾ ਦਾ ਕੇਸ ਚਲਿਆ ਜਿਸ ਵਿੱਚ 2017 ਵਿਚ ਫ਼ੈਸਲਾ ਆਇਆ ਤਾਂ ਅਦਾਲਤ ਨੇ ਹੁਕਮ ਦਿੱਤਾ ਕਿ ਹਰਭਜਨ ਕੌਰ ਦੇ ਆਪਣੇ ਘਰ ਵਿੱਚੋਂ ਕਿਸੇ ਵੀ ਰੂਪ ਵਿੱਚ ਅਜ਼ਾਦੀ ਅਤੇ ਅਮਨ ਚੈਨ ਨਾਲ ਰਹਿਣ ਦੇ ਰਸਤੇ ਵਿੱਚ ਇਕਬਾਲ ਸਿੰਘ ਕੋਈ ਰੋੜਾ ਨਹੀਂ ਅਟਕਾਏਗਾ। ਅਤੇ ਨਾ ਹੀ ਉਸਦੇ ਨਿੱਜੀ ਕਮਰੇ ਵਿੱਚ ਕੋਈ ਦਖਲ ਅਂਦਾਜੀ ਕਰੇਗਾ। ਲੇਕਿਨ ਇਸਦਾ ਤੋੜ ਮਰੋੜ ਕੇ ਮਤਲਬ ਕੱਢਦਿਆਂ ਇਸ ਵਿਅਕਤੀ ਨੇ ਹਰਭਜਨ ਕੌਰ ਦੇ ਕਮਰੇ ਨੂੰ ਦਿਵਾਰ ਨਾਲ ਬਾਕੀ ਦੇ ਘਰ ਤੋਂ ਕੱਟ ਦਿੱਤਾ। ਏਨਾ ਹੀ ਨਹੀਂ ਉਹ ਬਾਰ ਬਾਰ ਉੱਨਾਂ ਦੀ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੱਟ ਦਿੰਦਾ। ਨਤੀਜੇ ਵਜੋਂ ਹਰਭਜਨ ਕੌਰ ਆਪਣੇ ਹੀ ਘਰ ਵਿੱਚ ਬੇਹਦ ਮਾਯੂਸ ਹਾਲਤ ਵਿੱਚ ਰਹਿਣ ਲਈ ਮਜਬੂਰ ਹੋ ਗਈ। ਜ਼ੁਲਮ ਦੀ ਇਂਤਹਾ ਹੁਣੇ ਹਾਲ ਹੀ ਵਿੱਚ ਮਿਤੀ 13 ਨਵੰਬਰ 2022 ਨੂੰ ਜਦੋਂ ਉਹ ਘਰ ਨਹੀਂ ਸੀ ਤਾਂ ਇਕਬਾਲ ਸਿੰਘ ਨੇ ਉਸ ਦੇ ਕਮਰੇ ਦਾ ਦਰਵਾਜ਼ਾ ਤੋੜ ਕੇ ਸਮਾਨ ਉਲਟ ਪਲਟ ਕਰ ਦਿੱਤਾ ਅਤੇ ਕੁਝ ਜ਼ਰੂਰੀ ਸਮਾਨ ਅਤੇ ਕਾਗਜ-ਪੱਤਰ  ਗਾਇਬ ਵੀ ਕਰ ਦਿੱਤੇ।
ਇਸ ਘਟਨਾ ਦੀ ਸ਼ਿਕਾਇਤ ਪੁਲਿਸ ਥਾਣੇ ਸਾਰਂਗਪੁਰ, ਐਸ ਐਸ ਪੀ ਚੰਡੀਗੜ੍ਹ ਨੂੰ ਕੀਤੀ ਗਈ, ਲੇਕਿਨ ਨਾ ਤਾਂ ਅੱਜ ਤਕ ਇਸ ਤੇ ਕੋਈ ਐਫ ਆਈ ਆਰ ਦਰਜ ਹੋਈ ਅਤੇ ਨਾ ਹੀ ਹਰਭਜਨ ਕੌਰ ਨੂੰ ਨਿਆਂ ਮਿਲਿਆ। ਐਸ ਐਚ ਓ ਸਾਰਂਗਪੁਰ ਵੱਲੋਂ ਉੱਨਾਂ ਦੇ ਘਰ ਜਾ ਕੇ ਤਫ਼ਤੀਸ਼ ਵੀ ਕੀਤੀ ਗਈ ਲੇਕਿਨ ਉਹ ਵੀ ਇੰਨਾਂ ਨੂੰ ਸਮਝੌਤਾ ਕਰਨ ਦੀਆਂ ਸਲਾਹਾਂ ਦੇ ਕੇ ਚਲਦੇ ਬਣੇ।
ਇਸ ਮਾਮਲੇ ਬਾਰੇ ਟਿੱਪਣੀ ਕਰਦਿਆਂ ਆਗੂਆਂ ਨੇ ਕਿਹਾ ਕਿ ਸਮਾਰਟ ਸਿਟੀ ਦੇ ਦਾਅਵੇ ਕਰਨ ਵਾਲੇ ਸ਼ਹਿਰ ਵਿੱਚ ਔਰਤਾਂ ਦੀ ਸਮਾਜਿਕ, ਮਾਨਸਿਕ ਅਤੇ ਜਿਹਨੀ ਤਾੜਨਾ ਪਿਛੜੇ ਇਲਾਕਿਆਂ ਵਰਗੀ ਹੀ ਹੈ। ਕਾਨੂੰਨ ਅਤੇ ਸੰਵਿਧਾਨ ਵਿੱਚ ਔਰਤਾਂ ਨੂੰ ਘਰੇਲੂ ਹਿਂਸਾ ਤੋਂ ਬਚਾਉਣ ਲਈ ਦਰਜ ਸਭ ਧਾਰਾਵਾਂ ਪਰਸ਼ਾਸਨਿਕ ਢਾਂਚੇ ਵਿੱਚ ਭਾਰੂ ਮਰਦ ਪ੍ਰਧਾਨ ਸੋਚ ਸਾਹਮਣੇ ਬੌਨੀਆਂ ਬਣ ਕੇ ਰਹਿ ਜਾਂਦੀਆਂ ਹਨ। ਅਜਿਹੀ ਹਾਲਤ ਵਿੱਚ ਜਥੇਬੰਦੀਆਂ ਕੋਲ ਇਸ ਮਾਮਲੇ ਨੂੰ ਲੈ ਕੇ ਹਰ ਪੱਧਰ ਤਕ ਸੰਘਰਸ਼ ਚਲਾਉਣ ਤੋਂ ਬਿਨਾ ਕੋਈ ਰਾਹ ਨਹੀਂ ਬਚਦਾ ਹੈ।
ਉੱਨਾਂ ਮੰਗ ਕੀਤੀ ਕਿ ਡੀਸੀ ਚਂਡੀਗੜ ਅਤੇ ਡੀਜੀਪੀ ਚਂਡੀਗੜ ਵੱਲੋਂ ਤੁਰੰਤ ਇਕ ਕਮੇਟੀ ਗਠਿਤ ਕਰ ਕੇ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਨਾ ਸਿਰਫ਼ ਹਰਭਜਨ ਕੌਰ ਦੀ ਸੁਰੱਖਿਆ, ਸਨਮਾਨ ਅਤੇ ਨਿਆਂ ਦੀ ਗਰੰਟੀ ਕਰਵਾਉਣ ਸਗੋਂ ਇਸ ਮਾਮਲੇ ਵਿੱਚ ਬਾਰ ਬਾਰ ਸ਼ਿਕਾਇਤਾਂ ਦੇ ਬਾਵਜੂਦ ਕਾਰਵਾਈ ਨਾ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਅਤੇ ਇਸਟੇਟ ਦਫ਼ਤਰ ਦੇ ਅਧਿਕਾਰੀਆਂ ਦੇ ਖ਼ਿਲਾਫ਼ ਵਿਭਾਗੀ ਅਤੇ ਕਨੂੰਨੀ ਕਾਰਵਾਈ ਕੀਤੀ ਜਾਵੇ।
ਉੱਨਾਂ ਇਹ ਵੀ ਮੰਗ ਕੀਤੀ ਕਿ ਚੰਡੀਗੜ੍ਹ ਵਿੱਚ ਘਰੇਲੂ ਹਿਂਸਾ, ਛੇੜ ਛਾੜ ਅਤੇ ਵਿਤਕਰੇ ਦਾ ਸ਼ਿਕਾਰ ਹੋਣ ਵਾਲੀਆਂ ਔਰਤਾਂ ਨੂੰ ਸੁਰੱਖਿਆ ਅਤੇ ਨਿਆਂ ਦੁਆਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਤਾਂ ਕਿ ਸ਼ਹਿਰ ਵਿੱਚ ਔਰਤਾਂ ਸੁਰੱਖਿਅਤ ਮਹਿਸੂਸ ਕਰ ਸਕਣ।
 


Comment As:

Comment (0)